Punjabi Singer Sunanda Sharma: ਮਸ਼ਹੂਰ ਪੰਜਾਬੀ ਗਾਇਕਾ ਸੁਨੰਦਾ ਸ਼ਰਮਾ ਨੇ ਹਾਲ ਹੀ ਵਿੱਚ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਇੱਕ ਅਜਿਹੀ ਪੋਸਟ ਸ਼ੇਅਰ ਕੀਤੀ ਜਿਸ ਨਾਲ ਸੰਗੀਤ ਜਗਤ ਵਿੱਚ ਹਲਚਲ ਮੱਚ ਗਈ ਹੈ। ਇਸ ਪੋਸਟ ਨੂੰ ਸ਼ੇਅਰ ਕਰਦਿਆਂ ਗਾਇਕਾ ਬਹੁਤ ਭਾਵੁਕ ਅਤੇ ਪਰੇਸ਼ਾਨ ਹੁੰਦੇ ਨਜ਼ਰ ਆ ਰਹੀ ਹੈ। ਆਖਿਰ ਸੁਨੰਦਾ ਵੱਲੋਂ ਇਸ ਪੋਸਟ ਵਿੱਚ ਅਜਿਹਾ ਕੀ ਲਿਖਿਆ ਗਿਆ ਹੈ, ਜਿਸ ਨੇ ਫੈਨਜ਼ ਦੀ ਚਿੰਤਾ ਵਧਾ ਦਿੱਤੀ ਹੈ। ਇਸ ਖਬਰ ਰਾਹੀਂ ਜਾਣੋ ਪੂਰਾ ਮਾਮਲਾ…
ਜਾਣੋ ਕਿਉਂ ਪਰੇਸ਼ਾਨ ਹੋਈ ਗਾਇਕਾ
ਸੁਨੰਦਾ ਨੇ ਪੋਸਟ ‘ਚ ਲਿਖਿਆ, ‘ਬਸ ਕਰੋ ਹੁਣ, ਜੋ ਕੁਝ ਮੇਰੇ ਨਾਲ ਕਰ ਰਹੇ ਹੋ, ਆਪਣੇ ਬੱਚਿਆਂ ਨੂੰ ਮੇਰੀ ਜਗ੍ਹਾ ਰੱਖ ਕੇ ਸੋਚੋ ਤੇ ਫਿਰ ਮਹਿਸੂਸ ਕਰੋ ਕਿ ਮੇਰੀ ਮਾਂ ਮੈਨੂੰ ਕਿਵੇਂ ਵੇਖਦੀ ਹੋਵੇਗੀ, ਰੋਜ਼ ਕਿੰਨੀ ਤਕਲੀਫ਼ ‘ਚ ਹੋਵੇਗੀ। 2 ਸਾਲ ਹੋ ਗਏ ਇਕੱਲੀ ਨੂੰ ਸਭ ਕੁਝ ਸਾਂਭਦੀ ਨੂੰ, ਹਿੰਮਤ ਵੀ ਕਿਸੇ ਵੇਲੇ ਜਵਾਬ ਦੇ ਦਿੰਦੀ ਹੈ। ਮੈਂ ਆਪਣੇ ਪਿਓ ਦੇ ਜਾਣ ਦੇ ਗਮ ‘ਚੋਂ ਹਾਲੇ ਤਕ ਬਾਹਰ ਨਹੀਂ ਆਈ ਕਿ ਤੁਸੀਂ ਮੈਨੂੰ ਨਵਾਂ ਰੋਗ ਲਗਾ ਦਿੱਤਾ। ਮੇਰੀ ਰੋਜ਼ੀ-ਰੋਟੀ ‘ਤੇ ਰੋਜ਼ ਲੱਤ ਮਾਰਦੇ ਓ, ਥੋੜ੍ਹਾ ਜਿਹਾ ਤਾਂ ਰਹਿਮ ਕਰੋ। ਘਰ ਤਕ ਨਹੀਂ ਹੈਗਾ ਮੇਰੇ ਕੋਲ, ਮੈਨੂੰ ਰੋਟੀ ਜੋਗੀ ਤਾਂ ਛੱਡ ਦਿਓ।
ਸੁਨੰਦਾ ਵੱਲੋਂ ਸੀਐੱਮ ਮਾਨ ਨੂੰ ਖਾਸ ਅਪੀਲ
ਸੁਨੰਦਾ ਨੇ ਆਪਣੀ ਪੋਸਟ ‘ਚ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਟੈਗ ਕਰਦੇ ਹੋਏ ਅਪੀਲ ਕੀਤੀ ਹੈ। ਸੁਨੰਦਾ ਨੇ ਲਿਖਿਆ ਹੈ ਕਿ ਇਸ ਮਹਾਨ ਦੇਸ਼ ਅਤੇ ਇਸ ਮਹਾਨ ਸੂਬੇ ਪੰਜਾਬ ਦੇ ਇੱਕ ਮਾਣਮੱਤੇ ਨਾਗਰਿਕ ਹੋਣ ਦੇ ਨਾਤੇ, ਮੈਂ ਸਿਰਫ਼ ਮਾਨਯੋਗ ਮੁੱਖ ਮੰਤਰੀ ਤੋਂ ਇੱਕ ਨਾਗਰਿਕ ਵਜੋਂ ਮੇਰੇ ਅਧਿਕਾਰਾਂ ਦੀ ਰੱਖਿਆ ਦੀ ਉਮੀਦ ਕਰ ਰਹੀ ਹਾਂ, ਤਾਂ ਜੋ ਇੱਕ ਕਲਾਕਾਰ ਹੋਣ ਦੇ ਨਾਤੇ ਮੈਂ ਵੱਡੀ ਸਫ਼ਲਤਾ ਪ੍ਰਾਪਤ ਕਰ ਸਕਾਂ ਅਤੇ ਇਸ ਮਹਾਨ ਪੰਜਾਬ ਸੂਬੇ ਲਈ ਇੱਕ ਚੰਗਾ ਨਾਮ ਲਿਆ ਸਕਾਂ। ਕੁਝ ਲਾਲਚੀ ਅਤੇ ਨੀਚ ਲੋਕਾਂ ਨੂੰ, ਜਿਨ੍ਹਾਂ ਕੋਲ ਕੋਈ ਨੈਤਿਕਤਾ ਨਹੀਂ ਹੈ ਅਤੇ ਕਾਨੂੰਨ ਦਾ ਕੋਈ ਸਤਿਕਾਰ ਨਹੀਂ ਹੈ, ਨੂੰ ਸੂਬੇ ਅਤੇ ਇਸਦੇ ਲੋਕਾਂ ਦੀ ਤਰੱਕੀ ਦੇ ਰਾਹ ਵਿੱਚ ਨਾ ਆਉਣ ਦਿਓ ਅਤੇ ਮੈਂ ਇੰਡਸਟਰੀ ਵਿੱਚ ਸਾਰਿਆਂ ਨੂੰ ਪੁੱਛਣਾ ਚਾਹੁੰਦੀ ਹਾਂ, ਕਿ ਜੇਕਰ ਹੁਣ ਨਹੀਂ, ਤਾਂ ਫਿਰ ਕਦੋਂ?
ਸੁਨੰਦਾ ਨੇ ਆਪਣੀ ਪੋਸਟ ਵਿਚ ਲਿਖਿਆ ਕਿ ਕੁਝ ਵਿਅਕਤੀ ਮੇਰੇ ਪੇਸ਼ੇਵਰ ਰੁਝੇਵਿਆਂ ‘ਤੇ ਵਿਸ਼ੇਸ਼ ਅਧਿਕਾਰਾਂ ਦਾ ਝੂਠਾ ਦਾਅਵਾ ਕਰ ਰਹੀਆਂ ਹਨ ਅਤੇ ਤੀਜੀ ਧਿਰ ਨੂੰ ਇਹ ਵਿਸ਼ਵਾਸ ਦਿਵਾਉਣ ਲਈ ਗੁੰਮਰਾਹ ਕਰ ਰਹੀਆਂ ਹਨ ਕਿ ਮੈਂ ਉਨ੍ਹਾਂ ਨਾਲ ਇਕਰਾਰਨਾਮੇ ਨਾਲ ਬੱਝੀ ਹੋਈ ਹਾਂ। ਇਹ ਦਾਅਵੇ ਪੂਰੀ ਤਰ੍ਹਾਂ ਝੂਠੇ, ਧੋਖਾਧੜੀ ਵਾਲੇ, ਅਣਅਧਿਕਾਰਤ ਅਤੇ ਕਾਨੂੰਨੀ ਤੌਰ ‘ਤੇ ਬੇਬੁਨਿਆਦ ਹਨ।
ਮੈਂ ਇਹ ਸਪੱਸ਼ਟ ਕਰਨਾ ਚਾਹੁੰਦੀ ਹਾਂ ਕਿ ਮੈਂ ਇੱਕ ਸੁਤੰਤਰ ਕਲਾਕਾਰ ਹਾਂ ਅਤੇ ਮੈਂ ਕਿਸੇ ਵੀ ਵਿਅਕਤੀ ਜਾਂ ਸੰਸਥਾ ਨੂੰ ਆਪਣੇ ਪੇਸ਼ੇਵਰ ਕਾਰਜਾਂ, ਪ੍ਰਦਰਸ਼ਨਾਂ, ਜਾਂ ਸਹਿਯੋਗਾਂ ‘ਤੇ ਵਿਸ਼ੇਸ਼ ਅਧਿਕਾਰ ਨਹੀਂ ਦਿੱਤੇ ਹਨ। ਮੈਂ ਅਣਅਧਿਕਾਰਤ ਵਿਅਕਤੀਆਂ ਜਾਂ ਸੰਸਥਾਵਾਂ ਰਾਹੀਂ ਕੀਤੇ ਗਏ ਕਿਸੇ ਵੀ ਲੈਣ-ਦੇਣ ਲਈ ਜ਼ਿੰਮੇਵਾਰ ਨਹੀਂ ਹੋਵਾਂਗੀ।
ਸੁਨੰਦਾ ਸ਼ਰਮਾ ਦੀ ਇਸ ਪੋਸਟ ਨੇ ਇੰਟਰਨੈੱਟ ਉੱਪਰ ਹਲਚਲ ਮਚਾ ਦਿੱਤੀ ਹੈ। ਜਿਸ ਉੱਪਰ ਪ੍ਰਸ਼ੰਸਕ ਵੀ ਲਗਾਤਾਰ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ।